ਇਤਰਾਜ਼ਯੋਗ ਦ੍ਰਿਸ਼ ਹਟਾਉਣ ਮਗਰੋਂ ਹੀ ਰਲੀਜ਼ ਹੋ ਸਕੇਗੀ ਸਿੰਘ ਇਸ ਬਲਿੰਗ

Posted on

ਅੰਮ੍ਰਿਤਸਰ 'ਚ ਇੱਕ ਸਮਾਗਮ ਦੌਰਾਨ ਜੱਥੇਦਾਰ ਮੱਕੜ ਨੇ ਦੋਹਰਾਈ ਚੇਤਾਵਨੀ 

ਭਾਈ ਜੈਤਾ ਜੀ ਯਾਤਰੀ ਨਿਵਾਸ ਦਾ ਨੀਂਹ ਪੱਥਰ ਰੱਖਿਆ
ਅੰਮ੍ਰਿਤਸਰ: 3 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਡੈਂਟਲ ਕਾਲਜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਿਲਮੀ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ ‘ਸਿੰਘ ਇਜ਼ ਬਲਿੰਗ’ ਵਿੱਚ ਸਿੱਖੀ ਕਿਰਦਾਰ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦਿਆਂ ਦਰਸਾਏ ਦ੍ਰਿਸ਼ ਅਤੇ ਵਾਰਤਾਲਾਪ ਬਹੁਤ ਹੀ ਇਤਰਾਜ਼ਯੋਗ ਹਨ। ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਇਤਰਾਜ ਪ੍ਰਗਟਾਇਆ ਗਿਆ ਹੈ।ਇਸ ਫਿਲਮ ਦੇ ਇਤਰਾਜਯੋਗ ਦ੍ਰਿਸ਼ ਤੇ ਵਾਰਤਾਲਾਪ ਫਿਲਮ ‘ਚੋਂ ਹਟਾਉਣ ਉਪਰੰਤ ਹੀ ਜਾਰੀ ਹੋਣ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਕੜੇ ਉੱਪਰ ਬਾਣੀ ਲਿਖਣਾ, ਘੱਟ ਕੱਪੜਿਆਂ ‘ਚ ਕਲਾਕਾਰ ਦੀ ਫੋਟੋ ਛਾਪਣਾ ਅਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਕੁਸ਼ਤੀ ਤੇ ਸ਼ਰਾਬ ਦੀਆਂ ਬੋਤਲਾਂ ਨੂੰ ਦਿਖਾਉਣਾ ਬੇਹੱਦ ਸ਼ਰਮਨਾਕ ਹੈ। ਇਸ ਕਾਰਵਾਈ ਨਾਲ ਸਿੱਖਾਂ ਦੀਆਂ ਭਾਵਨਾਵਾਂ ਹਤਾਹਿਤ ਹੋਈਆਂ ਹਨ ਤੇ ਦੇਸ਼-ਵਿਦੇਸ਼ ‘ਚ ਬੈਠੇ ਸਿੱਖ ਮਨਾ ਅੰਦਰ ਭਾਰੀ ਰੋਸ ਤੇ ਰੋਹ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਜੋ ਅਜਿਹੀ ਹਰਕਤ ਬਿਲਕੁਲ ਬਰਦਾਸ਼ਤ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਚੰਗਾ ਹੋਵੇਗਾ ਕਿ ਅਕਸ਼ੈ ਕੁਮਾਰ ਸ਼੍ਰੋਮਣੀ ਕਮੇਟੀ ਦੀ ਘੋਖ ਕਮੇਟੀ ਨੂੰ ਇਹ ਫਿਲਮ ਦਿਖਾ ਕੇ ਇਸ ਫਿਲਮ ਵਿਚੋਂ ਸਿੱਖਾਂ ਸਬੰਧੀ ਸਾਰੇ ਇਤਰਾਜਯੋਗ ਦ੍ਰਿਸ਼ ਤੇ ਵਾਰਤਾਲਾਪ ਹਟਾਏ, ਇਸ ਉਪਰੰਤ ਰੀਲੀਜ਼ ਕਰੇ। ਅਜਿਹਾ ਨਾ ਕਰਨ ਤੇ ਸ਼੍ਰੋਮਣੀ ਕਮੇਟੀ ਇਸ ਫਿਲਮ ਖਿਲਾਫ਼ ਸਖ਼ਤ ਕਾਰਵਾਈ ਕਰਨ ਤੋਂ ਗੁਰੇਜ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਹੀ ਅਧਿਕਾਰਿਤ ਸੰਸਥਾ ਹੈ ਜੋ ਅਜਿਹੇ ਫੈਂਸਲੇ ਕਰਨ ਦੇ ਹੱਕ ਰੱਖਦੀ ਹੈ।
ਇਸ ਤੋਂ ਪਹਿਲਾਂ ਭਾਈ ਸੁਲਤਾਨ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਦੇ ਸੁੱਖ ਸਹੂਲਤਾਂ ਲਈ ਚੌਂਕ ਬਾਬਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਚਾਂਦਨੀ ਚੌਂਕ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਉਣ ਵਾਲੇ ਭਾਈ ਜੈਤਾ ਜੀ (ਸ਼ਹੀਦ ਬਾਬਾ ਜੀਵਨ ਸਿੰਘ) ਯਾਤਰੀ ਨਿਵਾਸ ਦਾ ਨੀਂਹ ਪੱਥਰ ਰੱਖਿਆ। ਨਵੇਂ ਬਣ ਰਹੇ ਇਸ ਯਾਤਰੀ ਨਿਵਾਸ ਬਾਰੇ ਵੇਰਵੇ ਦੇਂਦਿਆਂ ਉਨ੍ਹਾਂ ਦੱਸਿਆ ਕਿ  ਇਸ ਯਾਤਰੀ ਨਿਵਾਸ ਪੁਰ ਤਕਰੀਬਨ ਸਾਢੇ ਪੰਜ ਕਰੌੜ ਰੁਪਿਆ ਖਰਚ ਆਵੇਗਾ। ਇਹ ਨਿਵਾਸ ਇਕ ਸਾਲ ਵਿੱਚ ਬਣੇਗਾ ਤੇ ਇਸ ਦੀ ਕਾਰਸੇਵਾ ਸੰਤ ਬਾਬਾ ਲਾਭ ਸਿੰਘ ਜੀ ਕਿਲ੍ਹਾ ਅਨੰਦਗੜ੍ਹ ਵਾਲਿਆਂ ਨੂੰ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਿਵਾਸ ਦੇ ੪੫ ਕਮਰੇ, ੨੨ ਹਾਲ ਹੋਣਗੇ ਤੇ ਇਹ ਛੇ ਮੰਜ਼ਿਲਾ ਇਮਾਰਤ ਹੋਵੇਗੀ। ਇਸ ਵਿੱਚ ੧੦ ਦੁਕਾਨਾ ਵੀ ਬਣਾਈਆਂ ਜਾਣਗੀਆਂ ਅਤੇ ਯਾਤਰੂਆਂ ਦੀਆਂ ਗੱਡੀਆਂ ਖੜੀਆਂ ਕਰਨ ਵਾਸਤੇ ਬੇਸਮੈਂਟ ਵਿੱਚ ਕਾਰਪਾਰਕਿੰਗ ਹੋਵੇਗੀ ਅਤੇ ਗਰਾਊਂਡ ਫਲੌਰ ਤੇ ਦਫ਼ਤਰ, ਰਿਸੈਪਸ਼ਨ ਰੂਮ, ਵੇਟਿੰਗ ਹਾਲ ਤੇ ਯਾਤਰੀ ਹਾਲ ਹੋਵੇਗਾ।ਉਨ੍ਹਾਂ ਦੱਸਿਆ ਕਿ ਇਹ ਨਿਵਾਸ ਵਾਤਾ ਅਨੁਕੂਲ ਹੋਵੇਗਾ।ਸਾਰਾਗੜ੍ਹੀ ਨਿਵਾਸ ਬਾਰੇ ਪੁੱਛਣ ਤੇ ਉਨ੍ਹਾਂ ਦੱਸਿਆ ਕਿ ਇਸ ਸਰਾਂ ਵਿੱਚ ਬੈਡ ਆਦਿ ਲਗਾਉਣ ਦਾ ਕੰਮ ਚੱਲ ਰਿਹਾ ਹੈ ਤੇ ਜਲਦੀ ਹੀ ਇਹ ਸਰਾਂ ਸੰਗਤਾਂ ਲਈ ਖੋਲ੍ਹ ਦਿੱਤੀ ਜਾਵੇਗੀ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਬਾਬਾ ਲਾਭ ਸਿੰਘ ਜੀ ਤੇ ਬਾਬਾ ਹਰਭਜਨ ਸਿੰਘ ਭਲਵਾਨ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸ੍ਰ: ਗੁਲਜ਼ਾਰ ਸਿੰਘ ਰਣੀਕੇ ਕੈਬਨਿਟ ਮੰਤਰੀ, ਸ੍ਰ: ਰਜਿੰਦਰ ਸਿੰਘ ਮਹਿਤਾ ਮੈਂਬਰ ਅੰਤ੍ਰਿੰਗ ਕਮੇਟੀ, ਸ੍ਰ: ਮਗਵਿੰਦਰ ਸਿੰਘ ਖਾਪੜਖੇੜੀ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਹਰਚਰਨ ਸਿੰਘ ਮੁੱਖ ਸਕੱਤਰ, ਸ੍ਰ: ਮਨਜੀਤ ਸਿੰਘ ਸਕੱਤਰ, ਸ੍ਰ: ਦਿਲਜੀਤ ਸਿੰਘ ਬੇਦੀ ਤੇ ਸ੍ਰ: ਮਹਿੰਦਰ ਸਿੰਘ ਤੇ ਡਾ: ਏ ਪੀ ਸਿੰਘ ਵਧੀਕ ਸਕੱਤਰ, ਸ੍ਰ: ਸਤਿੰਦਰ ਸਿੰਘ ਨਿੱਜੀ ਸਹਾਇਕ, ਸ੍ਰ: ਪ੍ਰਤਾਪ ਸਿੰਘ ਮੈਨੇਜਰ, ਸ੍ਰ: ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ,ਸ੍ਰ: ਮਨਪ੍ਰੀਤ ਸਿੰਘ ਤੇ ਸ੍ਰ: ਸੁਖਵਿੰਦਰ ਸਿੰਘ ਐਕਸੀਅਨ, ਸ. ਸੁਖਵਿੰਦਰ ਸਿੰਘ ਗਰੇਵਾਲ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਸ੍ਰ: ਬਲਵਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ੍ਰ: ਮਲਕੀਤ ਸਿੰਘ ਸਹਾਇਕ ਸੁਪ੍ਰਿੰਟੈਂਡੈਂਟ, ਸ੍ਰ: ਗੁਰਵਿੰਦਰ ਸਿੰਘ ਪੀ ਏ, ਬਾਬਾ ਸਤਨਾਮ ਸਿੰਘ, ਬਾਬਾ ਮੇਜਰ ਸਿੰਘ ਵਾਂ, ਬਾਬਾ ਅਜੀਤ ਸਿੰਘ, ਬਾਬਾ ਸੁੱਚਾ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਫੋਰਮੈਨ ਆਦਿ ਹਾਜ਼ਰ ਸਨ।