ਅੱਧੀ ਸਦੀ ਦਾ ਸਫ਼ਰ ਤੈਅ ਕਰ ਆਈ ਹੈ ਪੀਏਯੂ ਕਿਸਾਨ ਮੇਲਿਆਂ ਦੀ ਪਰੰਪਰਾ-ਡਾ. ਢਿੱਲੋਂ

Posted on

ਲੁਧਿਆਣਾ; 20 ਸਤੰਬਰ 2017: (ਪੰਜਾਬ ਸਕਰੀਨ ਬਿਊਰੋ)::    

ਹਰ ਸਾਲ ਵਾਂਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਤੰਬਰ ਮਹੀਨੇ ਹਾੜੀ ਦੇ ਮੇਲੇ ਲਾ ਰਹੀ ਹੈ । ਇਸ ਦੇ ਮੁੱਖ ਕੈਂਪਸ ਲੁਧਿਆਣਾ ਵਿਖੇ ਇਹ ਕਿਸਾਨ ਮੇਲਾ 22-23 ਸਤੰਬਰ ਨੂੰ ਲੱਗੇਗਾ ਜਿਸ ਵਿੱਚ ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਮੁੱਖ ਮਹਿਮਾਨ ਹੋਣਗੇ । 

ਪੀਏਯੂ ਦੇ ਵਾਈਸ ਚਾਂਸਲਰ, ਡਾ. ਬਲਦੇਵ ਸਿੰਘ ਢਿੱਲੋਂ ਨੇ ਇਸ ਕਿਸਾਨ ਮੇਲੇ ਵਿੱਚ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ ਦੇ ਕਿਸਾਨਾਂ ਨੂੰ ਹਾਰਦਿਕ ਸੱਦਾ ਦਿੰਦਿਆਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਪੀਏਯੂ ਦੇ ਕਿਸਾਨ ਮੇਲਿਆਂ ਦੀ ਇਹ ਪਰੰਪਰਾ ਅੱਧੀ ਸਦੀ ਦੀ ਹੋ ਗਈ ਹੈ । ਪੀਏਯੂ ਨੂੰ ਇਸ ਗੱਲ ਦਾ ਮਾਣ ਹੈ ਕਿ ਅਜਿਹੇ ਕਿਸਾਨ ਮੇਲੇ ਸਭ ਤੋਂ ਪਹਿਲਾਂ ਇਸ ਪੰਜਾਬ ਦੀ ਧਰਤੀ ਤੇ ਲਾਉਣੇ ਆਰੰਭੇ ਅਤੇ ਅੱਜ ਇਹ ਅੱਧੀ ਸਦੀ ਦਾ ਇਤਿਹਾਸ ਸਿਰਜ ਚੁੱਕੇ ਹਨ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਤੇ ਵਿਕਸਿਤ ਤਕਨੀਕਾਂ ਨੂੰ ਪੰਜਾਬ ਦੇ ਕਿਸਾਨਾਂ ਤੱਕ ਲੈ ਕੇ ਜਾਣ ਦਾ ਇਹ ਸਭ ਤੋਂ ਸ਼ਕਤੀਸ਼ਾਲੀ ਸਾਧਨ ਹਨ ।

ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਐਗਰੋ ਇੰਡਸਟ੍ਰੀਅਲ ਪ੍ਰਦਰਸ਼ਨੀਆਂ, ਸਵਾਲ-ਜਵਾਬਾਂ ਦਾ ਤਕਨੀਕੀ ਸ਼ੈਸ਼ਨ, ਖੇਤੀ ਪ੍ਰਦਰਸ਼ਨੀਆਂ, ਭੂਮੀ ਅਤੇ ਪਾਣੀ ਦੀ ਜਾਂਚ, ਗ੍ਰਹਿ ਵਿਗਿਆਨ ਕਾਲਜ ਦੇ ਉਤਪਾਦਨਾਂ ਦੇ ਮੁਕਾਬਲੇ, ਖੇਤੀ ਸਾਹਿਤ ਅਤੇ ਰੰਗਾਰੰਗ ਪ੍ਰੋਗਰਾਮ ਇਸ ਸਮਾਰੋਹ ਦੇ ਮੁੱਖ ਆਕਰਸ਼ਣ ਹੋਣਗੇ । ਡਾ. ਕੁਮਾਰ ਨੇ ਕਿਹਾ ਕਿ ਇਹ ਮੇਲੇ ਸਾਡੇ ਲਈ ਸਭ ਤੋਂ ਵਧੀਆ ਮੌਕਾ ਹੁੰਦੇ ਹਨ ਜਦੋਂ ਅਸੀਂ ਕਿਸਾਨਾਂ ਤੋਂ ਉਹਨਾਂ ਦੇ ਖੇਤੀ ਤਜ਼ਰਬਿਆਂ ਨੂੰ ਜਾਣ ਸਕਦੇ ਹਾਂ । ਇਸੇ ਅਧਾਰ ਤੇ ਹੀ ਯੂਨੀਵਰਸਿਟੀ ਦੀ ਖੋਜ ਨੂੰ ਦਿਸ਼ਾ ਦਿੱਤੀ ਜਾਂਦੀ ਹੈ । 

ਪੀਏਯੂ ਦੇ ਨਿਰਦੇਸ਼ਕ ਬੀਜ, ਡਾ. ਟੀ ਐਸ ਢਿੱਲੋਂ ਨੇ ਕਿਹਾ ਕਿ ਕਿਸਾਨ ਮੇਲੇ ਦੌਰਾਨ ਕਣਕ, ਜੌਂ, ਛੋਲੇ, ਮਸਰ, ਤੋਰੀਆ, ਰਾਇਆ, ਗੋਭੀ ਸਰ੍ਹੋਂ, ਅਫ਼ਰੀਕਨ ਸਰ੍ਹੋਂ, ਅਲਸੀ, ਜਵੀਂ, ਰਾਈ ਘਾਹ, ਮੇਥੇ ਅਤੇ ਅਜਵੈਣ ਆਦਿ ਫ਼ਸਲਾਂ ਦੀਆਂ ਕਿਸਮਾਂ ਦੇ ਬੀਜ ਖਰੀਦਣ ਲਈ ਉਪਲੱਬਧ ਹੋਣਗੇ । ਇਸ ਤੋਂ ਇਲਾਵਾ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਅਤੇ ਸਰਦੀਆਂ ਦੀਆਂ ਸਬਜ਼ੀਆਂ ਦੇ ਬੀਜਾਂ ਦੇ ਛੋਟੇ ਪੈਕੇਟ ਵੀ ਮੇਲੇ ਦੌਰਾਨ ਵੇਚੇ ਜਾਣਗੇ ।